ਮਾਨਸਾ ( ਪੱਤਰ ਪ੍ਰੇਰਕ ) ਸਟੇਟ ਪ੍ਰੋਗਰਾਮ ਅਫ਼ਸਰ, ਨੈਸ਼ਨਲ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ, ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਵਿੱਚ 26 ਅਤੇ 27 ਮਈ ਨੂੰ ਭੱਠਿਆਂ, ਝੁੱਗੀ-ਝੌਂਪੜੀਆਂ ਵਾਲੇ ਇਲਾਕਿਆਂ ਅਤੇ ਫੈਕਟਰੀ ਖੇਤਰਾਂ ਵਿੱਚ ਪ੍ਰਵਾਸੀ ਆਬਾਦੀ ਦੀ ਮਲੇਰੀਆ ਜਾਂਚ ਕੀਤੀ ਜਾ ਰਹੀ ਹੈ।
ਇਸੇ ਤਹਿਤ ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਦੇ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਸੰਤੋਸ਼ ਭਾਰਤੀ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਜਾਂਚ ਕੈਂਪ ਆਯੋਜਿਤ ਕੀਤੇ ਗਏ। ਸਿਹਤ ਬਲਾਕ ਖਿਆਲਾ ਕਲਾਂ ਤਹਿਤ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਮਨਦੀਪ ਸਿੰਘ ਅਤੇ ਡਾਕਟਰ ਬਲਜਿੰਦਰ ਕੌਰ ਦੀ ਦੇਖਰੇਖ ਹੇਠ ਸਿਹਤ ਕਰਮਚਾਰੀਆਂ ਨੇ ਪ੍ਰਵਾਸੀ ਆਬਾਦੀ ਦੀ ਮਲੇਰੀਆ ਸਕਰੀਨਿੰਗ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਮੁਹਿੰਮ ਮਲੇਰੀਆ ਦੇ ਫੈਲਾਅ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ, ਖਾਸ ਕਰਕੇ ਪ੍ਰਵਾਸੀ ਆਬਾਦੀ ਵਿੱਚ, ਜਿੱਥੇ ਜਾਗਰੂਕਤਾ ਦੀ ਘਾਟ ਅਤੇ ਰਹਿਣ-ਸਹਿਣ ਦੀਆਂ ਸਥਿਤੀਆਂ ਕਾਰਨ ਮਲੇਰੀਆ ਦਾ ਖ਼ਤਰਾ ਵਧੇਰੇ ਹੁੰਦਾ ਹੈ। ਖਿਆਲਾ ਕਲਾਂ ਵਿਖੇ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਬੀ ਈ ਈ ਨੇ ਕਿਹਾ ਕਿ ਜਾਂਚ ਦੌਰਾਨ ਖੂਨ ਦੇ ਨਮੂਨੇ ਲਏ ਗਏ ਅਤੇ ਜੇਕਰ ਕਿਸੇ ਵਿੱਚ ਮਲੇਰੀਆ ਦੇ ਲੱਛਣ ਜਾਂ ਪੁਸ਼ਟੀ ਹੁੰਦੀ ਹੈ ਤਾਂ ਉਸਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
ਪਿੰਡ ਜੋਗਾ ਵਿਖੇ ਜਗਦੀਸ਼ ਸਿੰਘ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਨਾ ਸਿਰਫ਼ ਮਲੇਰੀਆ ਦੀ ਜਾਂਚ ਕਰਨਾ ਹੈ, ਸਗੋਂ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣਾਂ, ਬਚਾਅ ਦੇ ਤਰੀਕਿਆਂ ਅਤੇ ਸਫ਼ਾਈ ਰੱਖਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਟੀਮਾਂ ਨੇ ਪਾਣੀ ਦੇ ਖੜ੍ਹੇ ਸਰੋਤਾਂ, ਕੂਲਰਾਂ ਅਤੇ ਹੋਰ ਸੰਭਾਵੀ ਮੱਛਰ ਪ੍ਰਜਨਨ ਸਥਾਨਾਂ ਦੀ ਵੀ ਜਾਂਚ ਕੀਤੀ ਅਤੇ ਲੋਕਾਂ ਨੂੰ ਮੱਛਰਾਂ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ। ਇਸ ਮੁਹਿੰਮ ਵਿੱਚ ਗੁਰਜੰਟ ਸਿੰਘ, ਗੁਰਦੀਪ ਸਿੰਘ, ਮਨੋਜ ਕੁਮਾਰ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਕੁਲਦੀਪ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ, ਰਵਿੰਦਰ ਕੁਮਾਰ, ਤਲਵਿੰਦਰ ਸਿੰਘ , ਜਸਕਰਨ ਸਿੰਘ, ਮੱਖਣ ਸਿੰਘ, ਜੱਗਾ ਸਿੰਘ, ਸਿਮਰਨਜੀਤ ਸਿੰਘ , ਰੁਪਿੰਦਰ ਸਿੰਘ, ਕੰਵਲਜੀਤ ਸਿੰਘ ਆਦਿ ਸਿਹਤ ਕਰਮਚਾਰੀ ਅਤੇ ਵਾਲੰਟੀਅਰ ਸ਼ਾਮਲ ਸਨ ਜਿਨ੍ਹਾਂ ਨੇ ਜ਼ਿਲ੍ਹੇ ਭਰ ਵਿੱਚ ਕੈਂਪਾਂ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।
Leave a Reply